ਦਿੱਲੀ ਦੀ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਸੋਨੀਆ ਗਾਂਧੀ ਆ ਸਕਦੀ ਹੈ ਸ਼ਿਮਲਾ, ਸੁਰੱਖਿਆ ਏਜੰਸੀਆਂ ਸਰਗਰਮ

ਦਿੱਲੀ ਦੀ ਪ੍ਰਦੂਸ਼ਿਤ ਹਵਾ ਤੋਂ ਬਚਣ ਲਈ ਸੋਨੀਆ ਗਾਂਧੀ ਆ ਸਕਦੀ ਹੈ ਸ਼ਿਮਲਾ, ਸੁਰੱਖਿਆ ਏਜੰਸੀਆਂ ਸਰਗਰਮ

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਕਿਸੇ ਹੋਰ ਸ਼ਹਿਰ ਜਾਣਾ ਪਿਆ ਹੋਵੇ। 2020 ਦੀਆਂ ਸਰਦੀਆਂ ਵਿੱਚ, ਸੋਨੀਆ ਗਾਂਧੀ ਆਪਣੇ ਡਾਕਟਰਾਂ ਦੀ ਸਲਾਹ ‘ਤੇ ਗੋਆ ਗਈ ਸੀ।

ਦਿੱਲੀ ‘ਚ ਪ੍ਰਦੂਸ਼ਣ ਲਗਾਤਾਰ ਵਧਦਾ ਜਾ ਰਿਹਾ ਹੈ। ਕਾਂਗਰਸ ਦੀ ਸਾਬਕਾ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਛੇਤੀ ਹੀ ਸ਼ਿਮਲਾ ਦਾ ਦੌਰਾ ਕਰ ਸਕਦੀ ਹੈ। ਉਨ੍ਹਾਂ ਦੀ ਧੀ ਪ੍ਰਿਅੰਕਾ ਵਾਡਰਾ ਦਾ ਘਰ ਸ਼ਿਮਲਾ ਦੇ ਛਰਾਬੜਾ ਵਿੱਚ ਸਥਿਤ ਹੈ ਅਤੇ ਉਹ ਉੱਥੇ ਰਹਿਣ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ‘ਚ ਵਧਦੇ ਪ੍ਰਦੂਸ਼ਣ ਤੋਂ ਬਾਅਦ ਸੋਨੀਆ ਗਾਂਧੀ ਜੈਪੁਰ ਗਈ ਹੈ। ਹੁਣ ਜੈਪੁਰ ਤੋਂ ਬਾਅਦ ਉਹ ਸ਼ਿਮਲਾ ਆਉਣ ਦੀ ਯੋਜਨਾ ਬਣਾ ਰਹੀ ਹੈ।

ਸੋਨੀਆ ਗਾਂਧੀ ਅਕਸਰ ਸ਼ਿਮਲਾ ਛੁੱਟੀਆਂ ਮਨਾਉਣ ਆਉਂਦੀ ਹੈ। ਕਾਂਗਰਸ ਪਾਰਟੀ ਦੀ ਸਾਬਕਾ ਕੌਮੀ ਪ੍ਰਧਾਨ ਅਤੇ ਪਾਰਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਅਗਲੇ ਇੱਕ-ਦੋ ਦਿਨਾਂ ਵਿੱਚ ਸ਼ਿਮਲਾ ਪਹੁੰਚ ਸਕਦੀ ਹੈ। ਉਨ੍ਹਾਂ ਦੇ ਸ਼ਿਮਲਾ ਦੌਰੇ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦਰਮਿਆਨ ਸੁਰੱਖਿਆ ਏਜੰਸੀਆਂ ਸਰਗਰਮ ਹੋ ਗਈਆਂ ਹਨ।

ਪ੍ਰਾਈਵੇਟ ਏਅਰ ਕੁਆਲਿਟੀ ਮਾਨੀਟਰਿੰਗ ਵੈੱਬਸਾਈਟ aqi.in ਦੇ ਅਨੁਸਾਰ, ਮੰਗਲਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 375 ਸੀ, ਜੋ ਕਿ ‘ਗੰਭੀਰ’ ਸ਼੍ਰੇਣੀ ਵਿੱਚ ਹੈ, ਜਦੋਂ ਕਿ ਜੈਪੁਰ ਦਾ ਅੰਕੜਾ 72 ਸੀ, ਜੋ ਕਿ ‘ਮੱਧਮ’ ਸ਼੍ਰੇਣੀ ਵਿੱਚ ਹੈ। ਵੱਖ-ਵੱਖ ਰਾਜਾਂ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਜਾਣ ਤੋਂ ਪਹਿਲਾਂ ਮੰਗਲਵਾਰ ਰਾਤ ਜੈਪੁਰ ‘ਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

ਇਸਤੋਂ ਪਹਿਲਾ ਸੋਨੀਆ ਗਾਂਧੀ ਨੂੰ ਬੁਖਾਰ ਦੇ ਲੱਛਣ ਦਿਖਣ ਤੋਂ ਬਾਅਦ ਸਤੰਬਰ ਵਿੱਚ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਇੱਕ ਦਿਨ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਜਨਵਰੀ ‘ਚ ਵੀ ਉਨ੍ਹਾਂ ਨੂੰ ਸਾਹ ਦੀ ਤਕਲੀਫ ਕਾਰਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਜਿਹੇ ‘ਚ ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ ਉਨ੍ਹਾਂ ਦੀ ਸਾਹ ਦੀ ਸਮੱਸਿਆ ਗੰਭੀਰ ਹੋ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਨੂੰ ਦਿੱਲੀ ਦੇ ਪ੍ਰਦੂਸ਼ਣ ਤੋਂ ਬਚਣ ਲਈ ਕਿਸੇ ਹੋਰ ਸ਼ਹਿਰ ਜਾਣਾ ਪਿਆ ਹੋਵੇ। 2020 ਦੀਆਂ ਸਰਦੀਆਂ ਵਿੱਚ, ਸੋਨੀਆ ਗਾਂਧੀ ਆਪਣੇ ਡਾਕਟਰਾਂ ਦੀ ਸਲਾਹ ‘ਤੇ ਗੋਆ ਗਈ ਸੀ।