ਸੰਸਦ ਮੈਂਬਰਾਂ ਨੇ ਪੁਰਾਣੀ ਸੰਸਦ ਨੂੰ ਕਿਹਾ ਅਲਵਿਦਾ, ਫੋਟੋ ਸੈਸ਼ਨ ਹੋਇਆ, ਪੀਐੱਮ ਮੋਦੀ ਸਾਰਿਆਂ ਨੂੰ ਨਵੀਂ ਸੰਸਦ ‘ਚ ਲੈ ਗਏ

ਸੰਸਦ ਮੈਂਬਰਾਂ ਨੇ ਪੁਰਾਣੀ ਸੰਸਦ ਨੂੰ ਕਿਹਾ ਅਲਵਿਦਾ, ਫੋਟੋ ਸੈਸ਼ਨ ਹੋਇਆ, ਪੀਐੱਮ ਮੋਦੀ ਸਾਰਿਆਂ ਨੂੰ ਨਵੀਂ ਸੰਸਦ ‘ਚ ਲੈ ਗਏ

ਨਵੀਂ ਸੰਸਦ ਦੀ ਇਮਾਰਤ ਪੂਰੀ ਤਰ੍ਹਾਂ ਹਾਈਟੈਕ ਹੈ, ਦਾਖ਼ਲੇ ਲਈ ਸਟਾਫ਼ ਦਾ ਚਿਹਰਾ ਉਨ੍ਹਾਂ ਦਾ ਪਛਾਣ ਪੱਤਰ ਹੋਵੇਗਾ। ਨਵੀਂ ਸੰਸਦ ਪੂਰੀ ਤਰ੍ਹਾਂ ਕਾਗਜ਼ ਰਹਿਤ ਹੋਵੇਗੀ, ਸਾਰੇ ਸੰਸਦ ਮੈਂਬਰਾਂ ਦੇ ਟੇਬਲ ‘ਤੇ ਇਕ ਟੈਬਲੈੱਟ ਕੰਪਿਊਟਰ ਹੋਵੇਗਾ, ਜਿਸ ‘ਚ ਹਰ ਮੰਤਰੀ ਅਤੇ ਸੰਸਦ ਮੈਂਬਰ ਨਾਲ ਸਬੰਧਤ ਹਰ ਦਸਤਾਵੇਜ਼ ਅਤੇ ਜਾਣਕਾਰੀ ਉਪਲਬਧ ਹੋਵੇਗੀ।

ਦੇਸ਼ ਵਿਚ ਨਵੀਂ ਸੰਸਦ ਬਣ ਕੇ ਤਿਆਰ ਹੈ ਅਤੇ ਅੱਜ ਪੁਰਾਣੀ ਸੰਸਦ ਦਾ ਆਖਰੀ ਦਿਨ ਹੈ। ਪੀਐਮ ਮੋਦੀ ਸਮੇਤ ਸਾਰੇ ਸੰਸਦ ਮੈਂਬਰ ਪੁਰਾਣੀ ਇਮਾਰਤ ਤੋਂ ਨਵੀਂ ਸੰਸਦ ਚਲੇ ਗਏ। ਕੈਬਨਿਟ, ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਇਕੱਠੇ ਚੱਲੇ। ਇਸ ਤੋਂ ਪਹਿਲਾਂ ਪੁਰਾਣੀ ਇਮਾਰਤ ਦੇ ਸੈਂਟਰਲ ਹਾਲ ਵਿੱਚ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਹ ਕਰੀਬ ਦੋ ਘੰਟੇ ਤੱਕ ਚੱਲਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 38 ਮਿੰਟ ਦਾ ਭਾਸ਼ਣ ਦਿੱਤਾ। ਪੀਐੱਮ ਮੋਦੀ ਨੇ ਕਿਹਾ ਕਿ ਇਹ ਸਦਨ ਧਾਰਾ 370, ਤਿੰਨ ਤਲਾਕ, ਜੀਐਸਟੀ ਵਰਗੇ ਵੱਡੇ ਫੈਸਲਿਆਂ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਪੁਰਾਣੀ ਇਮਾਰਤ ਦਾ ਨਾਂ ‘ਸੰਵਿਧਾਨ ਸਦਨ’ ਰੱਖਣ ਦਾ ਪ੍ਰਸਤਾਵ ਰੱਖਿਆ। ਲੋਕ ਸਭਾ ਅਤੇ ਰਾਜ ਸਭਾ ਦੇ ਸਾਰੇ ਸੰਸਦ ਮੈਂਬਰਾਂ ਨੇ ਸਵੇਰੇ ਸੈਂਟਰਲ ਹਾਲ ਨੇੜੇ ਇਕੱਠੇ ਫੋਟੋ ਸੈਸ਼ਨ ਕੀਤਾ। ਇਸ ਦੌਰਾਨ ਪੀਐਮ ਮੋਦੀ, ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਸੱਤਾ ਤੇ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਮੌਜੂਦ ਸਨ।

ਪਹਿਲਾਂ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰਾਂ ਨੇ ਫੋਟੋ ਖਿਚਵਾਈ। ਇਸ ਤੋਂ ਬਾਅਦ ਦੋਵਾਂ ਸਦਨਾਂ ਦੇ ਸਾਰੇ ਸੰਸਦ ਮੈਂਬਰਾਂ ਦਾ ਗਰੁੱਪ ਫੋਟੋ ਸੈਸ਼ਨ ਵੀ ਹੋਇਆ। ਇਸ ਦੌਰਾਨ ਗੁਜਰਾਤ ਤੋਂ ਭਾਜਪਾ ਸਾਂਸਦ ਨਰਹਰੀ ਅਮੀਨ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਮੋਦੀ ਨੇ ਸੈਂਟਰਲ ਹਾਲ ‘ਚ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇੱਥੇ ਰਾਸ਼ਟਰੀ ਗੀਤ ਵਜਾਇਆ ਗਿਆ।

ਨਵੀਂ ਸੰਸਦ ਦੀ ਇਮਾਰਤ ਪੂਰੀ ਤਰ੍ਹਾਂ ਹਾਈਟੈਕ ਹੈ, ਦਾਖ਼ਲੇ ਲਈ ਸਟਾਫ਼ ਦਾ ਚਿਹਰਾ ਉਨ੍ਹਾਂ ਦਾ ਪਛਾਣ ਪੱਤਰ ਹੋਵੇਗਾ। ਨਵੀਂ ਇਮਾਰਤ ਵਿੱਚ ਦਾਖ਼ਲੇ ਲਈ ਸੰਸਦ ਮੈਂਬਰਾਂ ਨੂੰ ਬਾਇਓਮੈਟ੍ਰਿਕ ਆਧਾਰਿਤ ਸਮਾਰਟ ਕਾਰਡ ਜਾਰੀ ਕੀਤੇ ਗਏ ਹਨ। ਸੰਸਦ ਵਿੱਚ ਭਾਸ਼ਣ ਭਾਵੇਂ ਕਿਸੇ ਵੀ ਭਾਸ਼ਾ ਵਿੱਚ ਦਿੱਤਾ ਜਾ ਰਿਹਾ ਹੋਵੇ, ਮੈਂਬਰ ਇਸ ਨੂੰ ਆਪਣੀ ਭਾਸ਼ਾ ਵਿੱਚ ਸੁਣ ਸਕਣਗੇ। ਇਹ ਸਹੂਲਤ ਸੰਵਿਧਾਨ ਵਿੱਚ ਦਰਜ ਸਾਰੀਆਂ 22 ਭਾਸ਼ਾਵਾਂ ਲਈ ਉਪਲਬਧ ਹੋਵੇਗੀ।

ਨਵੀਂ ਸੰਸਦ ਪੂਰੀ ਤਰ੍ਹਾਂ ਕਾਗਜ਼ ਰਹਿਤ ਹੋਵੇਗੀ, ਸਾਰੇ ਸੰਸਦ ਮੈਂਬਰਾਂ ਦੇ ਟੇਬਲ ‘ਤੇ ਇਕ ਟੈਬਲੈੱਟ ਕੰਪਿਊਟਰ ਹੋਵੇਗਾ, ਜਿਸ ‘ਚ ਹਰ ਮੰਤਰੀ ਅਤੇ ਸੰਸਦ ਮੈਂਬਰ ਨਾਲ ਸਬੰਧਤ ਹਰ ਦਸਤਾਵੇਜ਼ ਅਤੇ ਜਾਣਕਾਰੀ ਉਪਲਬਧ ਹੋਵੇਗੀ। ਇਹ ਦਸਤਾਵੇਜ਼ 22 ਭਾਸ਼ਾਵਾਂ ਵਿੱਚੋਂ ਸੰਸਦ ਮੈਂਬਰ ਦੀ ਪਸੰਦ ਦੀ ਭਾਸ਼ਾ ਵਿੱਚ ਵੀ ਉਪਲਬਧ ਹੋਣਗੇ। ਮੰਤਰੀ ਆਪਣੇ ਮੰਤਰਾਲੇ ਦੇ ਸਕੱਤਰ ਤੋਂ ਰੀਅਲ ਟਾਈਮ ਵਿੱਚ ਕੋਈ ਵੀ ਜਾਣਕਾਰੀ ਲੈ ਕੇ ਸੰਸਦ ਵਿੱਚ ਪੇਸ਼ ਕਰ ਸਕਣਗੇ। ਸਾਂਸਦ ਦੀ ਹਾਜ਼ਰੀ ਅਤੇ ਵੋਟਿੰਗ ਟੈਬਲੇਟ ਰਾਹੀਂ ਕੀਤੀ ਜਾਵੇਗੀ।