ਅੱਜ ਤੋਂ ਦਿੱਲੀ ‘ਚ ਭਾਜਪਾ ਦਾ ਦੋ ਰੋਜ਼ਾ ਰਾਸ਼ਟਰੀ ਸੰਮੇਲਨ, ਲੋਕ ਸਭਾ ਚੋਣਾਂ ‘ਚ ਜਿੱਤ ਦਾ ਰੋਡਮੈਪ ਹੋਵੇਗਾ ਤਿਆਰ

ਅੱਜ ਤੋਂ ਦਿੱਲੀ ‘ਚ ਭਾਜਪਾ ਦਾ ਦੋ ਰੋਜ਼ਾ ਰਾਸ਼ਟਰੀ ਸੰਮੇਲਨ, ਲੋਕ ਸਭਾ ਚੋਣਾਂ ‘ਚ ਜਿੱਤ ਦਾ ਰੋਡਮੈਪ ਹੋਵੇਗਾ ਤਿਆਰ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੇ 400 ਸੀਟਾਂ ਜਿੱਤਣ ਦੇ ਟੀਚੇ ਲਈ ਦੇਸ਼ ਭਰ ਤੋਂ ਡੈਲੀਗੇਟ ਹਿੱਸਾ ਲੈ ਰਹੇ ਹਨ।

ਲੋਕਸਭਾ 2024 ਚੋਣਾਂ ਵਿਚ ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਭਾਜਪਾ ਦਾ ਦੋ ਦਿਨਾਂ ਰਾਸ਼ਟਰੀ ਸੰਮੇਲਨ 17 ਫਰਵਰੀ ਯਾਨੀ ਸ਼ਨੀਵਾਰ ਨੂੰ ਦਿੱਲੀ ਦੇ ਭਾਰਤ ਮੰਡਪਮ ‘ਚ ਸ਼ੁਰੂ ਹੋਵੇਗਾ। ਇਸ ਵਿੱਚ ਦੇਸ਼ ਭਰ ਤੋਂ ਪਾਰਟੀ ਦੇ 11 ਹਜ਼ਾਰ 500 ਤੋਂ ਵੱਧ ਅਧਿਕਾਰੀ ਇਕੱਠੇ ਹੋਣਗੇ। ਕੌਮੀ ਕਾਰਜਕਾਰਨੀ ਅਤੇ ਕੌਮੀ ਕੌਂਸਲ ਦੀ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਤ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ।

ਇਸਦੇ ਨਾਲ ਹੀ, ਪਿਛਲੇ 10 ਸਾਲਾਂ ਦੀ ਸੱਤਾ ਦੌਰਾਨ ਪਾਰਟੀ ਦੁਆਰਾ ਲਏ ਗਏ ਵੱਡੇ ਅਤੇ ਨਿਰਣਾਇਕ ਫੈਸਲਿਆਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਜਾਵੇਗਾ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਐਨਡੀਏ ਦੇ 400 ਸੀਟਾਂ ਜਿੱਤਣ ਦੇ ਟੀਚੇ ਲਈ ਦੇਸ਼ ਭਰ ਤੋਂ ਡੈਲੀਗੇਟ ਹਿੱਸਾ ਲੈ ਰਹੇ ਹਨ। 17 ਫਰਵਰੀ ਨੂੰ ਪਹਿਲੇ ਅੱਧ ‘ਚ ਅਧਿਕਾਰੀਆਂ ਦੀ ਬੈਠਕ ਹੋਵੇਗੀ, ਜਿਸ ‘ਚ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਹੋ ਸਕਦੇ ਹਨ।

ਰਵੀਸ਼ੰਕਰ ਪ੍ਰਸਾਦ ਨੇ ਕਿਹਾ, ‘ਰਾਸ਼ਟਰੀ ਸੰਮੇਲਨ ਦੀ ਬੈਠਕ ਦੁਪਹਿਰ 3 ਵਜੇ ਸ਼ੁਰੂ ਹੋਵੇਗੀ। ਪਾਰਟੀ ਪ੍ਰਧਾਨ ਜੇਪੀ ਨੱਡਾ ਉਦਘਾਟਨੀ ਭਾਸ਼ਣ ਦੇਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਸਮਾਪਤੀ ਭਾਸ਼ਣ ਦੇਣਗੇ। ਮੀਟਿੰਗ ਵਿੱਚ ਦੋ ਪ੍ਰਸਤਾਵ ਲਿਆਂਦੇ ਜਾਣਗੇ। ਪਸਾਰਕਾਰਾਂ ਦੀ ਵੱਖਰੀ ਮੀਟਿੰਗ ਹੋਵੇਗੀ। 2047 ਤੱਕ ਵਿਕਸਤ ਭਾਰਤ ਦੇ ਬਲੂਪ੍ਰਿੰਟ ਸਬੰਧੀ ਇੱਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਕਾਨਫਰੰਸ ਦੌਰਾਨ ਇੱਕ ਵਿਆਪਕ ਸੰਗਠਨਾਤਮਕ ਏਜੰਡਾ ਪੇਸ਼ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਰਾਸ਼ਟਰੀ ਸੰਮੇਲਨ ‘ਚ ਸਿਆਸੀ ਅਤੇ ਆਰਥਿਕ ਪ੍ਰਸਤਾਵ ਪੇਸ਼ ਕੀਤੇ ਜਾ ਸਕਦੇ ਹਨ। ਸਿਆਸੀ ਪ੍ਰਸਤਾਵ ‘ਚ ਮੋਦੀ ਸਰਕਾਰ ਦੀਆਂ ਪਿਛਲੇ 10 ਸਾਲਾਂ ਦੀਆਂ ਵੱਡੀਆਂ ਪ੍ਰਾਪਤੀਆਂ ਗਿਣਦੇ ਹੋਏ 2024 ਦੀਆਂ ਚੋਣਾਂ ‘ਚ ਲਗਾਤਾਰ ਤੀਜੀ ਜਿੱਤ ਦਾ ਰੋਡ ਮੈਪ ਪੇਸ਼ ਕੀਤਾ ਜਾਵੇਗਾ।