ਪਾਕਿਸਤਾਨ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ

ਪਾਕਿਸਤਾਨ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ

ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਸਿੱਧੂ ਨੇ ਕਿਹਾ, ‘ਮੈਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਂਗਾ।’ ਸਿੱਧੂ ਨੇ ਕਿਹਾ ਕਿ ਮੈਂ ਸ਼ਾਂਤੀ, ਵਿਸ਼ਵ ਭਾਈਚਾਰੇ ਅਤੇ ਖੁਸ਼ਹਾਲੀ ਦੇ ਸੰਦੇਸ਼ ਨੂੰ ਫੈਲਾਉਣਾ ਜਾਰੀ ਰੱਖਾਂਗਾ।

ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤਿਕ ਗਰਮਾ ਗਰਮੀ ਵਿਚਾਲੇ ਪਾਕਿਸਤਾਨ ‘ਚ ਪਹੁੰਚ ਗਏ ਹਨ। ਇੱਥੇ ਉਨ੍ਹਾਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ। ਹਾਲਾਂਕਿ, ਜਦੋਂ ਸਿੱਧੂ 2018 ਵਿੱਚ ਪਾਕਿਸਤਾਨ ਗਏ ਸਨ, ਤਾਂ ਉਨ੍ਹਾਂ ਦਾ ਦੌਰਾ ਵਿਵਾਦਾਂ ਵਿੱਚ ਘਿਰ ਗਿਆ ਸੀ। ਸਿੱਧੂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸਨ।

ਉਸ ਸਮੇਂ ਸਿੱਧੂ ਪੰਜਾਬ ਕੈਬਨਿਟ ਵਿੱਚ ਮੰਤਰੀ ਸਨ ਅਤੇ ਉੱਥੇ ਉਨ੍ਹਾਂ ਨੇ ਸਮਾਗਮ ਵਿੱਚ ਪਾਕਿਸਤਾਨੀ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ। ਇਸ ਤੋਂ ਬਾਅਦ ਭਾਰਤ ‘ਚ ਕਾਫੀ ਵਿਰੋਧ ਹੋਇਆ ਸੀ। ਕੇਂਦਰ ਦੀ ਮੋਦੀ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸਦੀ ਆਲੋਚਨਾ ਕੀਤੀ ਸੀ ਅਤੇ ਸਿੱਧੂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਹਾਲਾਂਕਿ ਸਿੱਧੂ ਦੀ ਪਾਕਿਸਤਾਨ ਫੇਰੀ ਦੌਰਾਨ ਇੱਕ ਧਿਰ ਡੇਰਾ ਬਾਬਾ ਨਾਨਕ-ਕਰਤਾਰਪੁਰ ਲਾਂਘੇ ਦਾ ਮੁੱਦਾ ਉਠਾਉਣ ਦਾ ਸਮਰਥਨ ਕਰ ਰਹੀ ਸੀ।

ਕਰਤਾਰਪੁਰ ਲਾਂਘਾ ਸਾਲ 2019 ਵਿੱਚ ਖੋਲ੍ਹਿਆ ਗਿਆ ਸੀ। ਬੁੱਧਵਾਰ ਨੂੰ ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਸਿੱਧੂ ਨੇ ਕਿਹਾ, ‘ਮੈਂ ਭਲਕੇ 24 ਜਨਵਰੀ ਦਿਨ ਬੁੱਧਵਾਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਂਗਾ। ਮੈਂ ਮਹਾਨ ਗੁਰੂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਆਪਣੀ ਸਦਭਾਵਨਾ ਦਾ ਸਾਧਨ ਬਣਾਇਆ ਹੈ। ਮੈਂ ਸ਼ਾਂਤੀ, ਵਿਸ਼ਵ ਭਾਈਚਾਰੇ ਅਤੇ ਖੁਸ਼ਹਾਲੀ ਦੇ ਉਨ੍ਹਾਂ ਦੇ ਸੰਦੇਸ਼ ਨੂੰ ਫੈਲਾਉਣਾ ਜਾਰੀ ਰੱਖਾਂਗਾ।